ਮੋਹਾਲੀ/ਮੋਗਾ: ਪੰਜਾਬ ਪੁਲਿਸ ਵੱਲੋਂ ਮਨਪ੍ਰੀਤ ਸਿੰਘ ਉਰਫ਼ ਬਬਲੂ ਨੂੰ ਗ੍ਰਿਫ਼ਤਾਰ ਕਰਕੇ ਪੰਜਾਬ ਲਿਆਂਦਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਬਬਲੂ ਨੂੰ ਲੱਦਾਖ ਤੋਂ ਕਾਬੂ ਕੀਤਾ ਗਿਆ ਸੀ ਅਤੇ ਅੱਜ ਫਲਾਈਟ ਰਾਹੀਂ ਮੋਹਾਲੀ ਦੇ ਚੰਡੀਗੜ੍ਹ ਏਅਰਪੋਰਟ ‘ਤੇ ਲਿਆਂਦਾ ਗਿਆ।

ਮੋਹਾਲੀ ਏਅਰਪੋਰਟ ‘ਤੇ ਪੰਜਾਬ ਪੁਲਿਸ ਦੀ ਟੀਮ ਵੱਲੋਂ ਸਖ਼ਤ ਸੁਰੱਖਿਆ ਵਿਚ ਬਬਲੂ ਨੂੰ ਕਸਟਡੀ ਵਿੱਚ ਲਿਆ ਗਿਆ। ਇਸ ਦੌਰਾਨ ਉਸਦੇ ਨਾਲ ਹੋਰ ਦੋ ਸਾਥੀਆਂ ਨੂੰ ਵੀ ਪੁਲਿਸ ਹਿਰਾਸਤ ਵਿੱਚ ਲਿਆਂਦਾ ਗਿਆ। ਮੌਕੇ ‘ਤੇ ਮੀਡੀਆ ਵੱਲੋਂ ਕੈਮਰਿਆਂ ਵਿੱਚ ਕੈਦ ਕੀਤੀਆਂ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਹਨ।
ਦੱਸਿਆ ਜਾ ਰਿਹਾ ਹੈ ਕਿ ਇਹ ਕਾਰਵਾਈ ਹਾਲ ਹੀ ਵਿੱਚ ਹੋਏ ਹੈਪੀ ਸਰਪੰਚ ਦੇ ਕਤਲ ਮਾਮਲੇ ਨਾਲ ਜੁੜੀ ਹੋ ਸਕਦੀ ਹੈ। ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਅਗਲੇ ਪੜਾਅ ‘ਚ ਬਬਲੂ ਨੂੰ ਮੋਗਾ ਲਿਆਂਦਾ ਜਾਵੇਗਾ।

ਪੁਲਿਸ ਸਰੋਤਾਂ ਅਨੁਸਾਰ, ਮੋਗਾ ਪਹੁੰਚਣ ਤੋਂ ਬਾਅਦ ਮਨਪ੍ਰੀਤ ਸਿੰਘ ਬਬਲੂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਕੋਰਟ ਵਿੱਚ ਪੇਸ਼ੀ ਤੋਂ ਬਾਅਦ ਪੁਲਿਸ ਵੱਲੋਂ ਰਿਮਾਂਡ ਦੀ ਮੰਗ ਕੀਤੀ ਜਾਵੇਗੀ ਤਾਂ ਜੋ ਮਾਮਲੇ ਨਾਲ ਜੁੜੇ ਹੋਰ ਤੱਥ ਸਾਹਮਣੇ ਆ ਸਕਣ।
ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਤਫ਼ਤੀਸ਼ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।